ਬਜਟ ਵਿੱਚ ਚੰਡੀਗੜ੍ਹ ਨੂੰ ਪਹਿਲ ਦੇਣ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 01 ਫਰਵਰੀ:
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਵੱਲੋਂ ਪੇਸ਼ ਕੀਤੇ ਸਾਲ 2025-26 ਦੇ ਕੇਂਦਰੀ ਬਜਟ ਵਿੱਚ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਨੂੰ ਦਿੱਤੀਆਂ ਸਹੂਲਤਾਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ, “ਮੇਰੇ 40 ਸਾਲਾਂ ਦੇ ਜਨਤਕ ਜੀਵਨ ਦੇ ਤਜ਼ਰਬੇ ਵਿੱਚ, ਮੈਂ ਪਹਿਲੀ ਵਾਰ ਦੇਖਿਆ ਹੈ ਕਿ ਮੱਧ ਵਰਗ ਨੂੰ ਟੈਕਸ ਛੋਟਾਂ ਅਤੇ ਹੋਰ ਪ੍ਰੋਤਸਾਹਨਾਂ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਅਤੇ ਸਵਾਗਤਯੋਗ ਹੈ। ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੇ ਸਸ਼ਕਤੀਕਰਨ ਵੱਲ ਇੱਕ ਅਹਿਮ ਕਦਮ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਸ੍ਰੀ ਕਟਾਰੀਆ ਨੇ ਕੇਂਦਰੀ ਬਜਟ ਵਿੱਚ ਚੰਡੀਗੜ੍ਹ ਦੇ ਵਿਕਾਸ ਲਈ ਕੀਤੇ ਉਪਬੰਧਾਂ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਸਰਵਪੱਖੀ ਵਿਕਾਸ ਨੂੰ ਤਰਜੀਹ ਦੇਣ ਦੀ ਵਚਨਬੱਧਤਾ ਸ਼ਹਿਰ ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗੀ।
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਲਈ 2025-26 ਦਾ ਬਜਟ ਅਨੁਮਾਨ 6,983.18 ਕਰੋੜ ਰੁਪਏ ਰੱਖਿਆ ਗਿਆ ਹੈ, ਜਿਸ ਵਿੱਚ ਮਾਲੀਏ ਲਈ 6,185.18 ਕਰੋੜ ਰੁਪਏ ਅਤੇ ਪੂੰਜੀਗਤ ਖਰਚੇ ਲਈ 798.00 ਕਰੋੜ ਰੁਪਏ ਸ਼ਾਮਲ ਹਨ। ਇਹ 2024-25 ਦੇ ਬਜਟ ਅਨੁਮਾਨਾਂ ਦੇ ਮੁਕਾਬਲੇ 469.56 ਕਰੋੜ ਰੁਪਏ (7.21%) ਦਾ ਵਾਧਾ ਦਰਸਾਉਂਦਾ ਹੈ, ਜੋ ਕਿ 6,513.62 ਕਰੋੜ ਰੁਪਏ (ਮਾਲੀਆ: 5,858.62 ਕਰੋੜ ਰੁਪਏ, ਪੂੰਜੀ: 655.00 ਕਰੋੜ ਰੁਪਏ) ਸੀ ।
ਵੱਖ-ਵੱਖ ਖੇਤਰਾਂ ਲਈ ਮੁੱਖ ਅਲਾਟਮੈਂਟਾਂ ਵਿੱਚ ਸਿੱਖਿਆ ਲਈ 1206.36 ਕਰੋੜ ਰੁਪਏ, ਸਿਹਤ ਲਈ 987.37 ਕਰੋੜ ਰੁਪਏ, ਊਰਜਾ ਲਈ 984.85 ਕਰੋੜ ਰੁਪਏ, ਪੁਲਿਸ ਲਈ 958.79 ਕਰੋੜ ਰੁਪਏ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਲਈ 884.31 ਕਰੋੜ ਰੁਪਏ, ਟਰਾਂਸਪੋਰਟ ਲਈ 445.84 ਕਰੋੜ ਰੁਪਏ ਅਤੇ ਹੋਰ ਸਾਰੇ ਖੇਤਰਾਂ ਲਈ 1515.66 ਕਰੋੜ ਸ਼ਾਮਲ ਹਨ।