ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਾਈਪਰ ਮੋਹਾਲੀ ਵਿਖੇ ਮੈਡਲ ਪ੍ਰਦਾਨ ਕੀਤੇ
ਐਸ.ਏ.ਐਸ.ਨਗਰ, 29 ਜਨਵਰੀ, 2025: ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਮੋਹਾਲੀ ਵਿਖੇ ਆਯੋਜਿਤ ਸਮਾਗਮ ਦੌਰਾਨ ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਂਡ ਦੇ ਸੇਵਾ ਕਰ ਰਹੇ ਅਤੇ ਸੇਵਾਮੁਕਤ ਬੀ.ਐਸ.ਐਫ ਦੇ ਜਵਾਨਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸੇਵਾ ਕਰ ਰਹੇ ਅਤੇ ਸੇਵਾਮੁਕਤ ਬੀ.ਐਸ.ਐਫ. ਦੇ ਜਵਾਨਾਂ ਸਮੇਤ ਕੁੱਲ 37 ਅਫ਼ਸਰਾਂ, ਅਧੀਨ ਅਫ਼ਸਰਾਂ ਅਤੇ ਹੋਰ ਰੈਂਕਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸ਼ਾਂਤੀ ਅਤੇ ਜੰਗ ਦੇ ਸਮੇਂ ਦੌਰਾਨ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਰੱਖਣ ਵਿੱਚ ਬੀ.ਐਸ.ਐਫ ਅਧਿਕਾਰੀਆਂ ਅਤੇ ਜਵਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਅਤੇ ਅਤਿਵਾਦ ਵਿਰੋਧੀ ਮੁਹਿੰਮਾਂ ਦੌਰਾਨ ਰਾਜ ਸਰਕਾਰਾਂ ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਫੋਰਸ ਦੇ ਯੋਗਦਾਨ ਤੇ ਸਹਾਇਤਾ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਨਾ ਸਿਰਫ਼ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀ ਹੈ ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ, ”ਅੱਜ ਦਾ ਦਿਨ ਨਾ ਸਿਰਫ ਮਾਣ ਅਤੇ ਸਨਮਾਨ ਦਾ ਪਲ ਹੈ, ਸਗੋਂ ਇਹ ਸਾਨੂੰ ਯਾਦ ਦਿਵਾਉਣ ਦਾ ਵੀ ਪਲ ਹੈ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਇਨ੍ਹਾਂ ਬਹਾਦਰ ਸੈਨਿਕਾਂ ਦੇ ਸਮਰਪਣ ਅਤੇ ਵਚਨਬੱਧਤਾ ਨੇ ਦੇਸ਼ ਵਾਸੀਆਂ ਨੂੰ ਸੁਰੱਖਿਅਤ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਹੈ।” ਉਨ੍ਹਾਂ ਨੇ 140 ਕਰੋੜ ਭਾਰਤੀਆਂ ਦੀ ਤਰਫੋਂ ਬੀ ਐਸ ਐੱਫ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਨਾ ਸਿਰਫ਼ ਭਾਰਤ ਦੀ ‘ਰੱਖਿਆ ਦੀ ਪਹਿਲੀ ਕਤਾਰ’ ਹੈ, ਸਗੋਂ ਇਹ 2 ਲੱਖ 70 ਹਜ਼ਾਰ ਸੈਨਿਕਾਂ ਦੀ ਤਾਕਤ ਨਾਲ ਦੁਨੀਆ ਦੀ ਸਭ ਤੋਂ ਵੱਡੀ ਸੀਮਾ ਸੁਰੱਖਿਆ ਬਲ ਵੀ ਹੈ। ਇਸ ਦੀ ਸਥਾਪਨਾ 1 ਦਸੰਬਰ 1965 ਨੂੰ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਫੋਰਸ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ ਦੀਆਂ 193 ਬਟਾਲੀਅਨਾਂ ਅਤੇ 07 ਆਰਟਿਲਰੀ ਰੈਜੀਮੈਂਟਾਂ ਤਾਇਨਾਤ ਹਨ। ਇਸ ਤੋਂ ਇਲਾਵਾ, ਸੀਮਾ ਸੁਰੱਖਿਆ ਬਲ ਕਸ਼ਮੀਰ ਘਾਟੀ ਵਿੱਚ ਘੁਸਪੈਠ ਵਿਰੋਧੀ ਓਪਰੇਸ਼ਨ, ਉੱਤਰ-ਪੂਰਬੀ ਖੇਤਰ ਵਿੱਚ ਅੰਦਰੂਨੀ ਸੁਰੱਖਿਆ, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਨਕਸਲ ਵਿਰੋਧੀ ਓਪਰੇਸ਼ਨ ਅਤੇ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਬਾਰਡਰ ਤੇ ਸਥਿਤ ਸੰਗਿਠਤ ਚੈਕ ਪੋਸਟਾਂ ਵਿੱਚ ਤਾਇਨਾਤ ਹੈ। ਇਸ ਤੋਂ ਪਹਿਲਾਂ ਸ੍ਰੀ ਸਤੀਸ਼ ਐਸ ਖੰਡਾਰੇ, ਆਈ.ਪੀ.ਐਸ., ਏ.ਡੀ.ਜੀ. ਬੀ.ਐਸ.ਐਫ. ਪੱਛਮੀ ਕਮਾਂਡ ਨੇ ਸਮਾਗਮ ਵਿੱਚ ਹਾਜ਼ਰ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਬੀ.ਐਸ.ਐਫ ਦੇ ਸ਼ਾਨਦਾਰ ਅਤੀਤ ਬਾਰੇ ਦੱਸਿਆ ਅਤੇ ਫੋਰਸ ਦੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਨਿਛਾਵਰ ਕੀਤੀ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ, ਡਿਪਟੀ ਕਮਿਸ਼ਨਰ ਐਸਏਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ, ਐਸਐਸਪੀ ਦੀਪਕ ਪਾਰੀਕ ਅਤੇ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਟ੍ਰਾਈਸਿਟੀ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੇ ਮੈਡਲ ਪ੍ਰਾਪਤ ਕਰਨ ਵਾਲੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਪੁਲਿਸ ਮੈਡਲ ਉਨ੍ਹਾਂ ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਰਾਜ ਪੁਲਿਸ ਦੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ 18 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀ ਬੇਮਿਸਾਲ ਅਤੇ ਬੇਦਾਗ ਸੇਵਾ ਕੀਤੀ ਹੈ। ਇਹ ਤੀਜੀ ਵਾਰ ਹੈ ਜਦੋਂ ਟ੍ਰਾਈਸਿਟੀ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਕਰਵਾਇਆ ਗਿਆ।