
*ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਅਧੀਨ 1066 ਮਰੀਜ਼ਾਂ ਦੇ ਇਲਾਜ ਤੇ 11.52 ਕਰੋੜ ਤੋਂ ਵੱਧ ਕੀਤੇ ਖਰਚ
*ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਕੀਤੀ
ਫ਼ਤਹਿਗੜ੍ਹ ਸਾਹਿਬ :-22 ਜਨਵਰੀ:-
ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਖੋਲ੍ਹੇ ਗਏ 20 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 6 ਲੱਖ 69 ਹਜ਼ਾਰ 613 ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ ਹੈ ਅਤੇ ਇਨ੍ਹਾਂ ਕਲੀਨਿਕਾਂ ਵਿੱਚ 77055 ਮੁਫਤ ਲੈਬ ਟੈਸਟ ਵੀ ਕੀਤੇ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਰਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੂੰ ਕਿਹਾ ਕਿ ਜਿਲੇ ਅੰਦਰ ਲੋੜਵੰਦ ਵਿਅਕਤੀਆਂ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਵਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ 11 ਕਰੋੜ 52 ਲੱਖ 92 ਹਜ਼ਾਰ 306 ਰੁਪਏ ਖਰਚ ਕੇ 1066 ਮਰੀਜ਼ਾਂ ਦਾ ਇਲਾਜ ਕਰਵਾਇਆ ਗਿਆ ਹੈ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲਾ ਨਿਵਾਸੀਆਂ ਦੀਆਂ ਵੱਧ ਤੋਂ ਵੱਧ ਆਭਾ ਆਈ.ਡੀ. ਬਣਾਈਆਂ ਜਾਣ ਜਿਸ ਨਾਲ ਡਾਕਟਰਾਂ ਤੇ ਸਬੰਧਤ ਵਿਅਕਤੀਆਂ ਨੂੰ ਭਵਿੱਖ ਵਿੱਚ ਵੀ ਇਲਾਜ ਕਰਾਉਣ ਵਿੱਚ ਸੌਖ ਹੋ ਸਕੇ। ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ. ਨਾਲ ਲੋੜ ਪੈਣ ਤੇ ਮਰੀਜ਼ ਦਾ ਪਿਛਲਾ ਮੈਡੀਕਲ ਰਿਕਾਰਡ ਵੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਕੋਟਪਾ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ/ ਵਿਅਕਤੀਆਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ।
ਏ.ਡੀ.ਸੀ. ਨੇ “ਨੈਸ਼ਨਲ ਪ੍ਰੋਗਰਾਮ ਫਾਰ ਨਾਨ ਕਮੂਨੀਕੇਬਲ ਨੂੰ ਡਿਜੀਜ” ਪ੍ਰੋਗਰਾਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਵੀ ਕਿਹਾ । ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਉਹਨਾਂ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਜਿਲ੍ਹਾ ਪ੍ਰੋਗਰਾਮ ਮਨੈਜਰ ਕਸੀਤਿਜ ਸੀਮਾ , ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ , ਸੁਪਰਡੈਂਟ ਦਰਸ਼ਨ ਸਿੰਘ,ਤੋਂ ਇਲਾਵਾ ਜਿਲੇ ਦੇ ਸਮੂਹ ਐਸ.ਐਮ.ਓਜ਼ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।