ਸਿਹਤ ਵਿਭਾਗ, ਵਣ ਵਿਭਾਗ, ਖੇਤੀਬਾੜੀ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ, ਸਾਂਝ ਕੇਂਦਰ, ਵੇਰਕਾ, ਇਸਤਰੀ ਤੇ ਬਾਲ ਵਿਕਾਸ ਅਤੇ ਪਵਰਕਾਮ ਨੇ ਦਿਖਾਈਆਂ ਝਾਕੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜਨਵਰੀ 2025:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਮੋਹਾਲੀ ਵਿਖੇ ਕਲ੍ਹ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਪੰਜਾਬ ਸਰਕਾਰ ਦੇ ਵੱਖ- ਵੱਖ ਵਿਭਾਗਾਂ ਵੱਲੋਂ ਅਜੋਕੇ ਸਮੇਂ ਦੀ ਲੋੜ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਝਾਂਕੀਆਂ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ ਅਤੇ ਹਾਜ਼ਿਰ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਬਣੀਆ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਪਹਿਲਕਦਮੀ ਤੇ, ਸਿਹਤ ਵਿਭਾਗ ਵੱਲੋਂ ਗ਼ੈਰ-ਸੰਚਾਰੀ ਬੀਮਾਰੀਆਂ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਮਿਸ਼ਨ ‘ਸਿਹਤਮੰਦ ਪੰਜਾਬ’ ਤਹਿਤ ਝਾਕੀ ਕੱਢੀ ਗਈ। ਇਸ ਝਾਕੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਗ਼ੈਰ-ਸੰਚਾਰੀ ਬੀਮਾਰੀਆਂ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ ਅਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਸਿੱਧੀਆਂ ਨਹੀਂ ਫੈਲਦੀਆਂ, ਜਿਵੇਂ ਕੈਂਸਰ, ਦਿਲ ਦੇ ਰੋਗ, ਸਾਹ ਦੇ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ, ਐਚ.ਆਈ.ਵੀ. ਟੀ.ਬੀ.ਆਦਿ। ਇਨ੍ਹਾਂ ਤੋਂ ਬਚਾਅ ਅਤੇ ਇਲਾਜ ਲਈ ਜਾਗਰੂਕ ਕਰਨਾ ਇਸ ਝਾਕੀ ਦਾ ਮੁੱਖ ਮੰਤਵ ਸੀ। ਵਣ ਵਿਭਾਗ ਵੱਲੋਂ ਪੇਸ਼ ਕੀਤੀ ਗਈ ਝਾਕੀ ਰਾਹੀਂ ਦਰਸਾਇਆ ਗਿਆ ਕਿ ਵਣ ਮੰਡਲ ਵਿਭਾਗ ਅਧੀਨ ਐਸ.ਏ.ਐਸ ਨਗਰ ਵਿੱਚ ਖਮਾਣੋ, ਡੇਰਾਬਸੀ, ਮੋਹਾਲੀ ਅਤੇ ਸਿਸਵਾਂ ਦੇ ਚਾਰ ਰੇਂਜ ਹਨ, ਜਿਥੇ ਸ਼ਿਵਾਲਿਕ ਪਹਾੜੀਆਂ ਦੇ ਰੁੱਖਾਂ ਅਤੇ ਜਾਨਵਰਾਂ ਦੀਆਂ ਵਿਲੱਖਣ ਪ੍ਰਜਾਤੀਆਂ ਵਸਦੀਆਂ ਹਨ। ਇਥੇ ਕੁਦਰਤੀ ਸਰੋਤਾਂ ਦੀ ਭਰਮਾਰ ਹੈ, ਅਤੇ ਇਹ ਇਲਾਕਾ ਜੈਵਿਕ ਵਿਵਿਧਤਾ ਲਈ ਪ੍ਰਸਿੱਧ ਹੈ। ਝਾਕੀ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਮੁੱਖ ਕੰਮ ਵੀ ਦਰਸਾਏ ਗਏ ਜਿਵੇਂ ਕਿ ਵਿਆਪਕ ਪਲਾਂਟੇਸ਼ਨ ਪ੍ਰੋਗਰਾਮ, ਜੰਗਲਾਂ ਦੀ ਰਾਖੀ, ਜੰਗਲਾਤ ਸੰਭਾਲ, ਅਤੇ ਚੈਕ ਡੈਮ ਦਾ ਨਿਰਮਾਣ ਆਦਿ। ਇਸ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ, ਮਹਿਲਾ ਸੈਲਫ ਹੈਲਪ ਗਰੁੱਪਾਂ ਵੱਲੋਂ ਵਰਕਸ਼ਾਪਾਂ ਅਤੇ ਸਵੈ ਰੋਜ਼ਗਾਰ ਮੁਹਿੰਮਾਂ, ਜਿਵੇਂ ਕਿ ਫਾਰੈਸਟ ਰੱਖੜੀ, ਦੇਸੀ ਮਠਿਆਈਆਂ ਤੇ ਹੋਰ ਪ੍ਰੋਡਕਟਸ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਉਪਰੰਤ ਖੇਤੀਬਾੜੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪੇਸ਼ ਕੀਤੀ ਗਈ ਸਾਂਝੀ ਝਾਕੀ ਰਾਹੀਂ ਦੱਸਿਆ ਗਿਆ ਕਿ ਸਾਲ 2024-25 ਦੌਰਾਨ ਪਰਾਲੀ ਦੀ ਸਾਂਭ ਸੰਭਾਲ ਲਈ 191 ਮਸ਼ੀਨਾਂ 3.57 ਕਰੋੜ ਰੁਪਏ ਖੇਤੀਬਾੜੀ ਵਿਭਾਗ ਵਲੋਂ ਸਬਸਿਡੀ ਤੇ ਦਿੱਤੀਆ ਗਈਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਯੋਗਦਾਨ ਨਾਲ ਮੋਹਾਲੀ ਜ਼ਿਲ੍ਹੇ ਵਿੱਚ 7 ਸਨਅਤਾਂ ਪਰਾਲੀ ਦਾ ਉਪਯੋਗ ਉਦਯੋਗਿਕ ਬਾਇਲਰ ਵਿੱਚ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਇੱਕ ਸਨਅਤ ਪਰਾਲੀ ਤੋਂ ਪੈਲੇਟ ਬਣਾਉਣ ਲਈ ਡੇਰਾਬੱਸੀ ਵਿੱਖੇ ਪਲਾਂਟ ਲਗਾ ਰਹੀ ਹੈ, ਜਿਸ ਨਾਲ ਜ਼ਿਲ੍ਹਾ ਮੋਹਾਲੀ ਵਿੱਚ ਪੈਦਾ ਹੋ ਰਹੀ 60-70% ਪਰਾਲੀ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇਗਾ। ਪੰਜਾਬ ਪੁਲਿਸ ਵੱਲੋਂ ਆਪਣੀ ਝਾਕੀ ਰਾਹੀਂ ਸਾਂਝ ਕੇਂਦਰਾਂ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਅਤੇ ਭਾਰਤ ਵਿੱਚ ਡਿਜੀਟਲ ਘੁਟਾਲਾ ਧੋਖਾਧੜੀ ਨੂੰ ਦਰਸਾਉਂਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿੱਥੇ ਘੁਟਾਲੇ ਕਰਨ ਵਾਲੇ, ਕਾਨੂੰਨ ਲਾਗੂ ਕਰਨ ਵਾਲੇ ਜਾਂ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਦੇ ਦਿਖਾਏ ਗਏ ਜੋ ਕਿ ਲੋਕਾਂ ਨੂੰ ਕਿਸੇ ਝੂਠੇ ਕੇਸ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਡਿਜੀਟਲ ਅਰੈਸਟ ਕਰਕੇ ਧੋਖਾਧੜੀ ਕਰਦੇ ਹਨ। ਇਸ ਤੋਂ ਇਲਾਵਾ ਫਰਜੀ ਲੋਨ ਐਪ ਨਿਵੇਸ਼ ਤੇ ਕਰਿਪਟੋ ਕਰੰਸੀ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲਿਆਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਬਚਣ ਦਾ ਸੁਨੇਹਾ ਦਿੰਦਿਆਂ, ਅਜਿਹੀ ਕੋਈ ਠੱਗੀ ਵੱਜਣ ਤੇ ਤੁਰੰਤ ਟੋਲ ਫ੍ਰੀ ਨੰਬਰ 1930 ਤੇ ਸੂਚਨਾ ਦੇਣ ਲਈ ਕਿਹਾ ਗਿਆ। ਪੰਜਾਬ ਦੇ ਮਸ਼ਹੂਰ ਸਹਿਕਾਰੀ ਅਦਾਰੇ ਵੇਰਕਾ ਵਲੋਂ ਵੇਰਕਾ ਮੋਹਾਲੀ ਡੇਅਰੀ ਦੀ ਝਾਕੀ ਵਿੱਚ ਮਿਲਕਫੈਡ ਦੀਆਂ ਵੱਖ-ਵੱਖ ਪ੍ਰਣਾਲੀਆਂ ਅਤੇ ਉਤਪਾਦਾਂ ਨੂੰ ਦਰਸਾਇਆ ਗਿਆ ਹੈ। ਦੱਸਿਆ ਗਿਆ ਕਿ ਪਿੰਡਾਂ ਦੀਆਂ 1397 ਮਿਲਕ ਸੁਸਾਇਟੀਆਂ ਵਿੱਚ ਕਿਸਾਨਾਂ ਤੋਂ ਦੁੱਧ ਇਕੱਠਾ ਕੀਤਾ ਜਾਂਦਾ ਹੈ ਅਤੇ ਦੁੱਧ ਨੂੰ ਮਿਲਕ ਪਲਾਂਟ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਦੁੱਧ ਦੀ ਕੁਆਲਿਟੀ ਚੈੱਕ ਕਰਨ ਤੋਂ ਬਾਅਦ ਤਕਰੀਬਨ 6,50,000 ਲੀਟਰ ਦੁੱਧ ਅਤੇ ਦੁੱਧ ਪਦਾਰਥਾਂ (ਦਹੀਂ, ਲੱਸੀ, ਪਨੀਰ ਅਤੇ ਖੀਰ ਆਦਿ) ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਪੈਕਟਾਂ ਵਿੱਚ ਪੈਕ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੀ ਮਾਰਕੀਟ ਵਿੱਚ ਪਹੁੰਚਾਇਆ ਜਾਂਦਾ ਹੈ। ਜ਼ਿਲ੍ਹਾ ਪ੍ਰੋਗਰਾਮ ਦਫਤਰ ਵੱਲੋਂ ਪੇਸ਼ ਕੀਤੀ ਗਈ ਝਾਕੀ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਸੁਪਨੇ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ, ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਦਫਤਰ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ ਵਿਖੇ ਕੈਨੋਪੀ ਨੂੰ ਦਰਸਾਇਆ ਗਿਆ। ਇਸ ਤੋਂ ਇਲਾਵਾ ਪੀ.ਐੱਸ. ਪੀ. ਸੀ. ਐੱਲ ਵੱਲੋਂ ਪੇਸ਼ ਕੀਤੀ ਗਈ ਝਾਕੀ ਰਾਹੀਂ ਜਨਵਰੀ 2024 ਤੋਂ ਨਵੰਬਰ 2024 ਤੱਕ ਦੀਆਂ ਪ੍ਰਾਪਤੀਆਂ ਦਰਸਾਈਆਂ ਗਈਆਂ ਜਿਸ ਤਹਿਤ ਵਿਭਾਗ ਵੱਲੋਂ ਅਪ੍ਰੈਲ 2024 ਤੋਂ ਹੁਣ ਤੱਕ ਕੁੱਲ 1351 ਭਰਤੀਆਂ ਕੀਤੀਆਂ ਗਈਆ ਜਦਕਿ 1288 ਹੋਰ ਭਰਤੀਆਂ ਜਲਦ ਹੀ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਵਿਭਾਗ ਵੱਲੋਂ ਬਿਜਲੀ ਦੀ ਵੱਧ ਤੋਂ ਵੱਧ ਮੰਗ 16058 ਮੈਗਾਵਾਟ ਪੂਰੀ ਕੀਤੀ ਗਈ। ਇਸੇ ਤਰ੍ਹਾਂ ਸਰਕਾਰ ਵੱਲੋਂ ਬੋਰਡ ਦੀ ਆਪਣੀ ਪਛਵਾੜਾ ਕੋਇਲਾ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਕਰਕੇ 593 ਕਰੋੜ ਰੁਪਏ ਦੀ ਬੱਚਤ ਕਰਨ ਬਾਰੇ ਵੀ ਦੱਸਿਆ ਗਿਆ। ਬਿਜਲੀ ਵਿਭਾਗ ਵੱਲੋਂ ਜੀ ਵੀ ਕੇ ਥਰਮਲ ਪਲਾਂਟ ਨੂੰ ਖਰੀਦ ਕੇ ਇਸ ਦਾ ਨਾਮਕਰਣ ਗੁਰੂ ਅਮਰਦਾਸ ਥਰਮਲ ਪਲਾਂਟ ਵਜੋਂ ਕਰਨ ਦੀ ਪ੍ਰਾਪਤੀ ਨੂੰ ਵੀ ਇਸ ਝਾਕੀ ਵਿੱਚ ਉਭਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ 600 ਦੋ-ਮਾਸਿਕ/ 300 ਪ੍ਰਤੀ ਮਾਸਿਕ ਯੂਨਿਟ ਤੱਕ ਦੇ ਜ਼ੀਰੋ ਬਿੱਲ ਦੀ ਸਹੂਲਤ ਬਾਰੇ ਵੀ ਦੱਸਿਆ ਗਿਆ। ਇਸ ਯੋਜਨਾ ਤਹਿਤ ਕਰੀਬ 90% ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ।