ਸ਼੍ਰੀ ਮੁਕਤਸਰ ਸਾਹਿਬ, 22 ਜਨਵਰੀ
26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦੌਰਾਨ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਜਿਥੇ ਹਰੇਕ ਆਈਟਮ ਦਾ ਜਾਇਜਾ ਲਿਆ ਉਥੇ ਆਈਟਮ ਇੰਚਾਰਜਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ।
ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਨੇ ਦੱਸਿਆ ਕਿ 26 ਜਨਵਰੀ ਨੁੰ ਗਣਤੰਤਰ ਦਿਵਸ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਨਾਲ ਭਰਪੂਰ ਹੋਵੇ, ਇਸ ਲਈ ਵੱਖ-ਵੱਖ ਸਕੁਲਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਕੋਰੋਗ੍ਰਾਫੀਆਂ ਦੀ ਰਿਹਰਸਲ ਕਰਵਾਈ ਜਾ ਰਹੀ ਹੈ, ਤਾਂ ਜ਼ੋ ਜ਼ਿਲ੍ਹਾ ਪੱਧਰੀ ਸਮਾਗਮ ਵਾਲੇ ਦਿਨ ਸਭਿਆਚਾਰਕ ਪ੍ਰੋਗਰਾਮ ਵਿਚ ਕੋਈ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਰਿਹਰਸਲ ਕਰਵਾਉਣ ਦਾ ਮਕਸਦ ਹਰੇਕ ਭਾਗੀਦਾਰ ਅੰਦਰ ਇਸ ਸਮਾਗਮ ਨੂੰ ਲੈ ਕੇ ਪੂਰਾ ਜ਼ੋਸ਼ ਤੇ ਐਨਰਜੀ ਹੋਣੀ ਚਾਹੀਦੀ ਹੈ ਤਾਂ ਜ਼ੋ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਸਭਿਆਚਾਰਕ ਰਿਹਰਸਲ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ, ਦਸ਼ਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ ਕਲਾ, ਅਕਾਲ ਅਕੈਡਮੀ, ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼ਿਵਾਲਕ ਪਬਲਿਕ ਸਕੂਲ, ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਰੁਪਾਣਾ, ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਅਤੇ ਨਿਸ਼ਾਨ ਅਕੈਡਮੀ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ ਤੇ ਵੱਖ-ਵੱਖ ਸਕੂਲਾਂ ਦੀਆਂ ਭੰਗੜੇ ਦੀਆਂ ਟੀਮਾਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀਆਂ ਪੇਸ਼ਕਾਰੀਆਂ ਕੀਤੀਆਂ।
ਇਸ ਮੌਕੇ ਅਨਿੰਦਰਵੀਰ ਕੌਰ ਜ਼ਿਲ੍ਹਾ ਖੇਡ ਅਫਸਰ, ਸ੍ਰੀ ਰਾਜਿੰਦਰ ਕੁਮਾਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫਸਰ, ਸ੍ਰੀ ਰਾਜ ਕੁਮਾਰ ਮੋਂਗਾ ਤੇ ਸ੍ਰੀ ਪ੍ਰਵੀਨ ਕੁਮਾਰ ਸ਼ਰਮਾ ਵੀ ਮੌਜੂਦ ਸਨ।